ਐਸ ਜੀ ਪੀ ਸੀ ਚੋਣਾਂ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦੀ ਰਿਹਾਇਸ਼ ਤੇ ਪੰਥਕ ਆਗੂਆਂ ਦੀ ਅਹਿਮ ਮੀਟਿੰਗ ਹੋਈ
ਸੁਖਬੀਰ ਸਿੰਘ ਬਾਦਲ ਨੂੰ ਕੌਮ ਦੀ ਬਿਹਤਰੀ ਲਈ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਅਪੀਲ
ਚੰਡੀਗੜ੍ਹ, 25 ਅਕਤੂਬਰ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੀਆਂ ਚੋਣਾਂ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨਾਲ ਬੁੱਧਵਾਰ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਪੰਥਕ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ,ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ,ਸਾਬਕਾ ਚੀਫ਼ ਪਾਰਲੀਮੈਂਟ ਸਕੱਤਰ ਬਲਬੀਰ ਸਿੰਘ ਘੁੰਨਸ, ਜਸਟਿਸ ਨਿਰਮਲ ਸਿੰਘ,ਭਾਈ ਗੁਰਦੀਪ ਸਿੰਘ,ਜਥੇਦਾਰ ਬਲਦੇਵ ਸਿੰਘ ਚੁੰਘਾ , ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਅਤੇ ਓ ਐਸ ਡੀ ਜਸਵਿੰਦਰ ਸਿੰਘ ਮੌਜੂਦ ਸਨ।
ਇਸ ਦੌਰਾਨ ਪੰਥਕ ਆਗੂਆਂ ਨੇ 8 ਨਵੰਬਰ ਨੂੰ ਐਸ ਜੀ ਪੀ ਸੀ ਦੀ ਹੋਣ ਵਾਲੀ ਚੋਣ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਢੁਕਵਾਂ ਮੌਕਾ ਆਉਣ ਤੇ ਉਨ੍ਹਾਂ ਵਲੋ ਕਾਰਜਕਾਰਣੀ ਕਮੇਟੀ ਦੇ ਮੈਂਬਰਾਂ ਵਜੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ। ਪੰਥਕ ਆਗੂਆਂ ਨੇ ਬੀਤੀ 21 ਅਕਤੂਬਰ ਤੋਂ ਐਸ ਜੀ ਪੀ ਸੀ ਚੋਣਾਂ ਦੇ ਲਈ ਵੋਟਾਂ ਬਣਾਉਣ ਦੀ ਸ਼ੁਰੂ ਹੋਈ ਪ੍ਰਕਿਰਿਆ ਵਿਚ ਗੁਰਸਿੱਖ ਪਰਿਵਾਰਾਂ ਨੂੰ ਵਧ ਤੋਂ ਵਧ ਹਿੱਸਾ ਪਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਆਗੂਆਂ ਵਲੋਂ ਐਸ ਜੀ ਪੀ ਸੀ ਚੋਣਾਂ ਵਿਚ ਗੁਰਮਤਿ ਸਿਧਾਂਤਾਂ ਤੇ ਪਹਿਰਾ ਦੇਣ ਵਾਲੇ ਯੋਗ ਅਤੇ ਸਾਫ਼ – ਸੁਥਰੇ ਅਕਸ ਵਾਲੇ ਗੈਰ – ਰਾਜਨੀਤਕ ਉਮੀਦਵਾਰਾਂ ਨੂੰ ਖੜ੍ਹੇ ਕਰਨ ਤੇ ਜ਼ੋਰ ਦਿੱਤਾ ਗਿਆ ਤਾਂ ਜੋਂ ਪਿਛਲੇ ਲੰਬੇ ਸਮੇਂ ਤੋਂ ਭ੍ਰਿਸ਼ਟਾਚਾਰ ਕਰਕੇ ਸ਼੍ਰੋਮਣੀ ਕਮੇਟੀ ਤੇ ਆਪਣੀ ਅਜ਼ਾਰੇਦਾਰੀ ਕਾਇਮ ਕਰਕੇ ਬੈਠੇ ਬਾਦਲ ਪਰਿਵਾਰ ਨੂੰ ਸਿੱਖਾਂ ਦੀ ਸਿਰਮੌਰ ਸੰਸਥਾਵਾਂ ਤੋਂ ਲਾਂਭੇ ਕੀਤਾ ਜਾ ਸਕੇ। ਇਸ ਦੌਰਾਨ ਸਮੂਹ ਆਗੂਆਂ ਨੇ ਇੱਕਜੁੱਟ ਹੋਕੇ ਸਿੱਖ ਸੰਸਥਾਵਾਂ ਦਾ ਵਕਾਰ ਬਹਾਲ ਕਰਨ ਲਈ ਪੰਥਕ ਵਿਚਾਰਧਾਰਾ ਨੂੰ ਉਭਾਰਨ ਤੇ ਵੀ ਜ਼ੋਰ ਦਿੱਤਾ।
ਆਗੂਆਂ ਨੇ ਕਿਹਾ ਕਿ ਅੱਜ ਦੁਨੀਆਂ ਭਰ ਵਿਚ ਬੈਠਾ ਅਕਾਲੀ ਪਰੰਪਰਾਵਾਂ ਪ੍ਰਤੀ ਚਿੰਤਾਵਾਨ ਹੋਇਆ ਵਿਅਕਤੀ ਸਭ ਪੰਥ ਦਰਦੀਆਂ ਨੂੰ ਇਕ ਸਟੇਜ ਤੇ ਖੜ੍ਹਾ ਹੋਇਆ ਵੇਖਣਾ ਚਾਹੁੰਦਾ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੀ ਬਿਹਤਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਸਮੂਹ ਪੰਥਕ ਆਗੂਆਂ ਨੂੰ ਇੱਕਜੁੱਟ ਹੋਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਲਾਮਬੰਦ ਹੋਣ ਦੀ ਅਪੀਲ ਕੀਤੀ ਤਾਂ ਜੋਂ ਪੰਥ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਸਵਾਲਾਂ ਦੇ ਘੇਰੇ ਚੋ ਕੱਢ ਕੇ ਮੁੜ ਕੌਮ ਦੀ ਸੇਵਾ ਲਈ ਇਕ ਉੱਤਮ ਸੰਸਥਾ ਬਣਾਉਣ ਵਿੱਚ ਸਹਾਈ ਹੋਇਆ ਜਾਏ।
Share this content:
Post Comment