ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ 10000 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚਕ 

ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ 10000 ਕਰੋੜ ਰੁਪਏ ਦੀ ਕੀਤੀ ਅਦਾਇਗੀ: ਲਾਲ ਚੰਦ ਕਟਾਰੂਚਕ 

24 ਅਕਤੂਬਰ ਨੂੰ ਦੁਸਹਿਰਾ ਵਾਲੇ ਦਿਨ ਝੋਨੇ ਦੀਆਂ 1 ਕਰੋੜ 20 ਲੱਖ ਬੋਰੀਆਂ ਦੀ ਕੀਤੀ ਚੁਕਾਈ 
ਚੰਡੀਗੜ੍ਹ, 25 ਅਕਤੂਬਰ: ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਅਜੇ ਸਿਖਰਾਂ ‘ਤੇ ਨਹੀਂ ਪਹੁੰਚੀ, ਫਿਰ ਵੀ ਘੱਟੋ-ਘੱਟ ਸਮਰਥਨ ਮੁੱਲ ਦੇ 10182.23 ਕਰੋੜ ਰੁਪਏ ਦੀ ਅਦਾਇਗੀ ਸਿੱਧੇ ਤੌਰ ‘ਤੇ 2.75 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਦੀ 100 ਫ਼ੀਸਦੀ ਤੋਂ ਵੱਧ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਕਿ ਨਿਯਮਾਂ ਅਨੁਸਾਰ ਖਰੀਦ ਦੇ 48 ਘੰਟਿਆਂ ਵਿੱਚ ਕੀਤੀ ਜਾਣੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 3 ਜ਼ਿਲ੍ਹਿਆਂ ਵਿੱਚ 95 ਫ਼ੀਸਦੀ ਤੋਂ ਵੱਧ ਅਦਾਇਗੀ ਕੀਤੀ ਜਾ ਚੁੱਕੀ ਹੈ ਅਤੇ ਬਾਕੀ 3 ਜ਼ਿਲ੍ਹਿਆਂ ਵਿੱਚ ਵੀ 85 ਫ਼ੀਸਦੀ ਤੋਂ ਵੱਧ ਬਕਾਏ ਦੀ ਅਦਾਇਗੀ ਕੀਤੀ ਗਈ ਹੈ। 48 ਘੰਟਿਆਂ ਦੇ ਨਿਯਮਾਂ ਅਨੁਸਾਰ ਮਾਨਸਾ ਜ਼ਿਲ੍ਹਾ 125 ਫੀਸਦੀ ਅਦਾਇਗੀ ਨਾਲ ਸਿਖ਼ਰ ‘ਤੇ ਹੈ।
ਉਨ੍ਹਾਂ ਅੱਗੇ ਦੱਸਿਆ ਕਿ 24 ਅਕਤੂਬਰ ਨੂੰ ਦੁਸਹਿਰਾ ਹੋਣ ਦੇ ਬਾਵਜੂਦ ਵੀ ਸੂਬੇ ਭਰ ਦੀਆਂ ਮੰਡੀਆਂ ਵਿੱਚੋਂ ਇੱਕੋ ਦਿਨ ਵਿੱਚ ਝੋਨੇ ਦੀਆਂ 1 ਕਰੋੜ 20 ਲੱਖ ਬੋਰੀਆਂ ਦੀ ਚੁਕਾਈ ਕੀਤੀ ਗਈ। ਮੰਤਰੀ ਨੇ ਅੱਗੇ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਇੱਕ ਦਿਨ ਵਿੱਚ ਲਗਭਗ 5.3 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋ ਰਹੀ ਹੈ ਅਤੇ ਲਗਭਗ ਸਾਰਾ ਝੋਨਾ ਉਸੇ ਦਿਨ ਦੇ ਅੰਤ ਤੱਕ ਖਰੀਦ ਲਿਆ ਜਾਂਦਾ ਹੈ। 24 ਅਕਤੂਬਰ ਤੱਕ ਸੂਬੇ ਭਰ ਵਿੱਚ ਸਿਰਫ਼ ਦੋ ਲੱਖ ਮੀਟਰਕ ਟਨ ਤੋਂ ਵੀ ਘੱਟ ਝੋਨੇ ਦੀ ਖਰੀਦ ਨਹੀਂ ਹੋਈ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸੂਬੇ ਦੀਆਂ ਜ਼ਿਆਦਾਤਰ ਮੰਡੀਆਂ ਵਿੱਚ ਝੋਨੇ ਦੀ ਆਮਦ ਵਾਲੇ ਦਿਨ ਹੀ ਝੋਨੇ ਦੀ ਸਫ਼ਾਈ ਅਤੇ ਖਰੀਦ ਕੀਤੀ ਜਾ ਰਹੀ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ 24 ਅਕਤੂਬਰ ਤੱਕ ਮੰਡੀਆਂ ਵਿੱਚ 55.88 ਲੱਖ ਮੀਟਰਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ, ਜਿਸ ਵਿੱਚੋਂ 53.95 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਬਾਰਦਾਨਾ, ਮੰਡੀ ਲੇਬਰ ਅਤੇ ਢੋਆ-ਢੁਆਈ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਖੂਨ-ਪਸੀਨੇ ਅਤੇ ਮਿਹਨਤ ਨਾਲ ਪੈਦਾ ਕੀਤੇ ਇੱਕ-ਇੱਕ ਦਾਣੇ ਨੂੰ ਖਰੀਦਣ ਸਬੰਧੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

Share this content:

Post Comment

You May Have Missed

Wordpress Social Share Plugin powered by Ultimatelysocial