ਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲ ਵੱਲ ਖੜ੍ਹੇ ਬਕਾਏ 31 ਮਾਰਚ ਤੱਕ ਅਦਾ ਕੀਤੇ ਜਾਣਗੇ: ਗੁਰਮੀਤ ਸਿੰਘ ਖੁੱਡੀਆਂ

Gurmeet Singh Khudian

ਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲ ਵੱਲ ਖੜ੍ਹੇ ਬਕਾਏ 31 ਮਾਰਚ ਤੱਕ ਅਦਾ ਕੀਤੇ ਜਾਣਗੇ: ਗੁਰਮੀਤ ਸਿੰਘ ਖੁੱਡੀਆਂ

ਡੀ.ਸੀ. ਕਪੂਰਥਲਾ ਨੂੰ ਪਿੜਾਈ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ 2 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰਨਾ ਯਕੀਨੀ ਬਣਾਉਣ ਲਈ ਕਿਹਾ
ਬਕਾਏ ਦੀ ਅਦਾਇਗੀ ਲਈ ਸੰਧਰ ਮਿੱਲ ਦੇ ਡਿਫਾਲਟਰ ਮਾਲਕਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ
ਚੰਡੀਗੜ੍ਹ, 2 ਨਵੰਬਰ: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਦੋਆਬਾ ਖੇਤਰ ਦੇ ਗੰਨਾ ਕਾਸ਼ਤਕਾਰਾਂ ਦੇ ਗੋਲਡਨ ਸੰਧਰ ਮਿੱਲਜ਼ ਲਿਮਟਿਡ, ਫਗਵਾੜਾ ਵੱਲ ਖੜ੍ਹੇ ਬਕਾਇਆ ਲਗਭਗ 41 ਕਰੋੜ ਰੁਪਏ ਦੀ ਅਦਾਇਗੀ 31 ਮਾਰਚ, 2024 ਤੱਕ ਕਰਵਾ ਦਿੱਤੀ ਜਾਵੇਗੀ। ਖੇਤੀਬਾੜੀ ਮੰਤਰੀ ਅਤੇ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ ਵੱਲੋਂ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿਖੇ ਬੀ.ਕੇ.ਯੂ. (ਦੋਆਬਾ) ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਬੀ.ਕੇ.ਯੂ. (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਆਏ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.) ਇੰਟੈਲੀਜੈਂਸ ਜਸਕਰਨ ਸਿੰਘ ਵੀ ਹਾਜ਼ਰ ਸਨ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਕਰਨੈਲ ਸਿੰਘ ਨੂੰ ਹਦਾਇਤ ਕੀਤੀ ਕਿ ਮੌਜੂਦਾ ਮਿੱਲ ਮਾਲਕ ਵੱਲੋਂ ਕਿਸਾਨਾਂ ਨੂੰ 9.72 ਕਰੋੜ ਰੁਪਏ ਦੀ ਅਦਾਇਗੀ ਯਕੀਨੀ ਬਣਾਈ ਜਾਵੇ ਅਤੇ ਇਸ ਸਾਲ ਗੰਨੇ ਦੀ ਪਿੜਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਲਗਭਗ 2 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਅਦਾ ਕਰਵਾਈ ਜਾਵੇ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ 31 ਮਾਰਚ 2024 ਤੱਕ ਗੰਨਾ ਕਾਸ਼ਤਕਾਰਾਂ ਦੀ ਬਾਕੀ ਬਚਦੀ ਸਾਰੀ ਰਾਸ਼ੀ ਦੀ ਅਦਾਇਗੀ ਲਈ ਗੋਲਡਨ ਸੰਧਰ ਮਿੱਲ ਦੇ ਡਿਫਾਲਟਰ ਮਾਲਕਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ। ਉਨ੍ਹਾਂ ਨੇ ਪਿਛਲੇ ਕੁਝ ਦਿਨਾਂ ਤੋਂ ਪ੍ਰਦਰਸ਼ਨਾਂ ਉਪਰੰਤ ਸੀਲ ਕੀਤੀ ਮਿੱਲ ਨੂੰ ਤੁਰੰਤ ਖੋਲ੍ਹਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਤਾਂ ਜੋ ਲੋੜੀਂਦੀ ਮੁਰੰਮਤ ਕਰਵਾ ਕੇ ਇਸ ਸਾਲ ਪਿੜਾਈ ਸੀਜ਼ਨ ਤੋਂ ਪਹਿਲਾਂ ਇਸ ਮਿੱਲ ਨੂੰ ਕਾਰਜਸ਼ੀਲ ਕੀਤਾ ਜਾ ਸਕੇ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਸਬੰਧੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਸਪੱਸ਼ਟ ਕਿਹਾ ਕਿ ਕਿਸੇ ਨੂੰ ਵੀ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Share this content:

Post Comment

You May Have Missed

Wordpress Social Share Plugin powered by Ultimatelysocial